26 ਜਨਵਰੀ ਵਾਲੀ ਘਟਨਾ ’ਤੇ ਕਿਸਾਨ ਮੋਰਚੇ ਦੀ ਵੱਡੀ ਕਾਰਵਾਈ, ਬੀ. ਕੇ. ਯੂ. ਕੇ. ਦੇ ਸੁਰਜੀਤ ਫੂਲ ਮੁਅੱਤਲ
ਸਰਕਾਰ ਕਿਸਾਨ ਯੂਨੀਅਨਾਂ ਵਿੱਚ ਫੁੱਟ ਪਾਵਾਉਣ ਵਿੱਚ ਹੋਈ ਕਾਮਯਾਬ, ਪਹਿਲਾਂ ਦੀਪ ਸਿੱਧੂ ਤੇ ਲੱਖਾਂ ਸਿਧਾਣਾ ਤੇ ਹੁਣ ਹੋਰ ਆਗੂ
ਨਵੀਂ ਦਿੱਲੀ -ਖਾਲਿਸਤਾਨ ਬਿਓਰੋ- 26 ਜਨਵਰੀ ਮੌਕੇ ਹੋਈ ਹਿੰਸਾ ’ਚ ਸੰਯੁਕਤ ਕਿਸਾਨ ਮੋਰਚੇ ਨੇ ਵੱਡੀ ਕਾਰਵਾਈ ਕਰਦੇ ਹੋਏ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੁਰਜੀਤ ਸਿੰਘ ਫੂਲ ਨੂੰ ਮੁਅੱਤਲ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਸੰਯੁਕਤ ਕਿਸਾਨ ਮੋਰਚੇ ਵਲੋਂ ਆਜ਼ਾਦ ਕਿਸਾਨ ਕਮੇਟੀ ਦੋਆਬਾ ਦੇ ਪ੍ਰਧਾਨ ਹਰਪਾਲ ਸੰਘਾ ਨੂੰ ਕਿਸਾਨ ਆਗੂਆਂ ਵਲੋਂ ਮੁਅੱਤਲ ਕੀਤਾ ਜਾ ਚੁੱਕਾ ਹੈ। ਮਿਲੀ ਜਾਣਕਾਰੀ ਮੁਤਾਬਕ ਉਕਤ ਕਿਸਾਨ ਜਥੇਬੰਦੀਆਂ ’ਤੇ ਇਹ ਕਾਰਵਾਈ ਸੰਯੁਕਤ ਕਿਸਾਨ ਮੋਰਚੇ ਤੋਂ ਉਲਟ ਚੱਲ ਕੇ ਆਊਟਰ ਰਿੰਗ ਰੋਡ ’ਤੇ ਜਾਣ ਕਰਕੇ ਕੀਤੀ ਗਈ ਹੈ। ਮੋਰਚੇ ਵਲੋਂ ਕਿਸਾਨ ਆਗੂ ਹਰਪਾਲ ਸਿੰਘ ਸੰਘਾ ਅਤੇ ਸੁਰਜੀਤ ਸਿੰਘ ਫੂਲ ਨੂੰ ਮੁਅੱਤਲ ਕੀਤਾ ਗਿਆ ਹੈ। ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਵਲੋਂ ਇਹ ਫ਼ੈਸਲਾ ਲਿਆ ਗਿਆ ਹੈ।
ਇਸ ਸਬੰਧੀ ਆਜ਼ਾਦ ਕਿਸਾਨ ਕਮੇਟੀ ਦੋਆਬਾ ਦੇ ਪ੍ਰਧਾਨ ਹਰਪਾਲ ਸੰਘਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਮੈਨੂੰ ਕਿਉਂ ਮੁਅੱਤਲ ਕੀਤਾ ਗਿਆ ਹੈ, ਇਸ ਦੀ ਵਜ੍ਹਾ ਵੱਡੇ ਆਗੂ ਹੀ ਦੱਸ ਸਕਦੇ ਹਨ ਪਰ ਉਨ੍ਹਾਂ ਇਹ ਜ਼ਰੂਰ ਆਖਿਆ ਹੈ ਕਿ ਜਦੋਂ ਤਕ ਭਾਰਤ ਸਰਕਾਰ ਤਿੰਨੇ ਵਿਵਾਦਤ ਖੇਤੀ ਕਾਨੂੰਨ ਵਾਪਸ ਨਹੀਂ ਲੈਂਦੀ, ਉਦੋਂ ਤਕ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ।
ਸੰਘਾ ਨੇ ਆਖਿਆ ਕਿ ਉਨ੍ਹਾਂ ਨੂੰ ਕਈ ਦਿਨ ਪਹਿਲਾਂ ਹੀ ਮੋਰਚੇ ’ਚੋਂ ਮੁਅੱਤਲ ਕਰ ਦਿੱਤਾ ਗਿਆ ਸੀ ਪਰ ਉਹ ਇਸ ਗੱਲ ਨੂੰ ਬਾਹਰ ਨਹੀਂ ਸੀ ਲੈ ਕੇ ਆਉਣਾ ਚਾਹੁੰਦੇ ਪਰ ਬੀਤੇ ਦਿਨੀਂ ਲੱਖਾ ਸਿਧਾਣਾ ਨੇ ਲਾਈਵ ਹੋ ਕੇ ਇਸ ਦਾ ਖੁਲਾਸਾ ਕਰ ਦਿੱਤਾ। ਜਿਸ ਤੋਂ ਬਾਅਦ ਲੋਕਾਂ ਵਲੋਂ ਉਨ੍ਹਾਂ ਤੋਂ ਸਵਾਲ ਪੁੱਛੇ ਗਏ ਤਾਂ ਉਨ੍ਹਾਂ ਨੂੰ ਇਸ ਸੰਬੰਧੀ ਜਾਣਕਾਰੀ ਸਾਂਝੀ ਕਰਨੀ ਪਈ।
Comments