top of page

ਸਾਬਕਾ ਪ੍ਰਧਾਨ ਸਰਨਾ ਨੇ ਜਥੇਦਾਰ ਹਰਪ੍ਰੀਤ ਸਿੰਘ ਨੂੰ ਕੀਤੀ ਖ਼ਾਸ ਅਪੀਲ, ਪ੍ਰਕਾਸ਼ ਪੁਰਬ 5 ਜਨਵਰੀ ਪੱਕਾ ਕੀਤਾ ਜਾਵੇ


ਅੰਮ੍ਰਿਤਸਰ - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (DSGMC) ਦੇ ਸਾਬਕਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਦਿੱਲੀ ਤੋਂ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਇਕ ਖ਼ਾਸ ਅਪੀਲ ਕੀਤੀ ਹੈ। ਸਰਨਾ ਨੇ ਆਪਣੀ ਬੇਨਤੀ ’ਚ ਕਿਹਾ ਕਿ 26 ਨਵੰਬਰ ਨੂੰ 5 ਸਿੰਘ ਸਾਹਿਬਾਨ ਦੀ ਇਕੱਤਰਤਾ ਵਿਚ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀ ਤਾਰੀਖ਼ ਸਬੰਧੀ ਸਿੱਖ ਕੌਮ ਦੇ ਜਜ਼ਬਾਤਾਂ ਦੀ ਕਦਰ ਕਰਦਿਆਂ ਇਸ ਪੁਰਬ ਨੂੰ 5 ਜਨਵਰੀ ਨੂੰ ਪੱਕਾ ਕਰਨ ਦੀ ਵਿਚਾਰ ਕੀਤੀ ਜਾਵੇ।

ਪਰਮਜੀਤ ਸਿੰਘ ਸਰਨਾ ਨੇ ਅੱਗੇ ਆਖਿਆ ਕਿ ਜਿਵੇਂ ਇਸ ਸਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ 28 ਦਸੰਬਰ ਨੂੰ ਆ ਰਿਹਾ ਹੈ, ਜਿਸਨੂੰ ਸਮੁੱਚੀ ਕੌਮ ਬਹੁਤ ਸ਼ਰਧਾ ਵੈਰਾਗ ਤੇ ਚੜ੍ਹਦੀ ਕਲਾ ਨਾਲ ਮਨਾਉਂਦੀ ਹੈ। 29 ਦਸੰਬਰ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਆਉਣ ਕਰਕੇ ਸਿੱਖ ਸੰਗਤਾਂ ਵਿਚ ਦੁਵਿਧਾ ਬਣੀ ਹੋਈ ਹੈ ਕਿ ਉਹ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਨਾਂ ਵਿਚ 10ਵੇਂ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਨਗਰ ਕੀਰਤਨ ਤੇ ਸਮਾਗਮ ਕਿਸ ਤਰ੍ਹਾਂ ਮਨਾ ਸਕਦੇ ਹਨ?

ਸਰਨਾ ਨੇ ਆਖਿਆ ਕਿ ਇਹ ਸਿਰਫ ਕੋਈ ਇਸ ਸਾਲ ਦੀ ਗੱਲ ਨਹੀਂ ਸਗੋਂ ਇਸ ਤਰ੍ਹਾਂ ਅੱਗੇ ਵੀ ਕਈ ਸਾਲਾਂ ਵਿਚ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਮੌਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਆਵੇਗਾ। ਇਸ ਕਰਕੇ ਸਿੱਖ ਸੰਗਤ ਇਹ ਚਾਹੁੰਦੀ ਹੈ ਇਸ ਦੁਵਿਧਾ ਦਾ ਪੱਕਾ ਹੱਲ ਕਰਕੇ ਦਸ਼ਮੇਸ਼ ਪਿਤਾ ਜੀ ਦਾ ਪ੍ਰਕਾਸ਼ ਪੁਰਬ 5 ਜਨਵਰੀ ਪੱਕਾ ਕੀਤਾ ਜਾਵੇ ਅਤੇ ਸਿੱਖ ਕੌਮ ਨੂੰ ਧਾਰਮਿਕ ਤੇ ਰਾਜਨੀਤਕ ਤੌਰ ’ਤੇ ਸਕੂਨ ਦਿੱਤਾ ਜਾਵੇ।

Comentarios


bottom of page